*ਸ਼ੰਭੂ ਬੈਰੀਅਰ ਬੰਦ ਹੋਣ ਕਾਰਨ ਪਟਿਆਲਾ-ਪਿਹੋਵਾ ਸੜਕ ਰਾਹੀਂ ਦਿੱਲੀ ਜਾਂਦੇ ਨੇ ਵੱਡੀ ਗਿਣਤੀ ਵਾਹਨ
ਪਟਿਆਲਾ: ਪਟਿਆਲਾ ਤੋਂ ਪਿਹੋਵਾ (ਭੇਵਾ) ਜਾਂਦੀ ਸੜਕ ਦੀ ਮਾੜੀ ਹਾਲਤ ਹੋਣ ਕਾਰਨ ਵਾਹਨ ਚਾਲਕ ਬਹੁਤ ਪ੍ਰੇਸ਼ਾਨ ਹਨ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਲੇਖਕ ਜਗਮੋਹਨ ਸਿੰਘ ਲੱਕੀ ਨੇ ਦਸਿਆ ਕਿ ਸ਼ੰਭੂ ਬੈਰੀਅਰ ਬੰਦ ਹੋਣ ਕਾਰਨ ਪਟਿਆਲਾ ਇਲਾਕੇ ਦੇ ਵੱਡੀ ਗਿਣਤੀ ਵਾਹਨ ਚਾਲਕ ਦਿੱਲੀ ਜਾਣ ਲਈ ਪਟਿਆਲਾ- ਪਿਹੋਵਾ ਸੜਕ ਦੀ ਵਰਤੋ ਕਰਦੇ ਹਨ, ਜਿਸ ਕਾਰਨ ਇਸ ਸੜਕ ’ਤੇ ਆਵਾਜਾਈ ਕਾਫ਼ੀ ਰਹਿੰਦੀ ਹੈ। ਉਹਨਾਂ ਕਿਹਾ ਕਿ ਇਸ ਸੜਕ ’ਤੇ ਪਏ ਵੱਡੇ ਵੱਡੇ ਖੱਡਿਆਂ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਟਿਆਲਾ ਨੇੜੇ ਇਸ ਸੜਕ ਦਾ ਕੁਝ ਹਿੱਸਾ ਤਾਂ ਠੀਕ ਹਾਲਤ ਵਿੱਚ ਹੈ ਪਰ ਦੇਵੀਗੜ ਅਤੇ ਉਸ ਤੋਂ ਅੱਗੇ ਹਰਿਆਣਾ ਬਾਰਡਰ ਤੱਕ ਇਸ ਸੜਕ ਦਾ ਪੰਜਾਬ ਵਾਲਾ ਹਿੱਸਾ ਬਹੁਤ ਖਸਤਾਹਾਲ ਵਿੱਚ ਹੈ। ਇਸ ਸੜਕ ’ਤੇ ਵੱਡੇ ਵੱਡੇ ਖੱਡੇ ਪਏ ਹੋਏ ਹਨ, ਜਿਸ ਕਾਰਨ ਜਿਥੇ ਵਾਹਨਾਂ ਦੀ ਟੁੱਟ ਭੱਜ ਹੋ ਜਾਂਦੀ ਹੈ, ਉਥੇ ਕਈ ਖੱਡੇ ਬਹੁਤ ਡੂੰਘੇ ਹੋਣ ਕਾਰਨ ਜਦੋਂ ਵਾਹਨਾਂ ਦੇ ਟਾਇਰ ਇਹਨਾਂ ਖੱਡਿਆਂ ਵਿੱਚ ਪੈਂਦੇ ਹਨ ਤਾਂ ਵਾਹਨਾਂ ਦੀ ਚਾਸੀ ਸੜਕ ਨਾਲ ਰਗੜ ਖਾ ਜਾਂਦੀ ਹੈ, ਜਿਸ ਕਾਰਨ ਵਾਹਨਾਂ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਜਦੋਂ ਇਹਨਾਂ ਖੱਡਿਆਂ ਵਿੱਚ ਵਾਹਨਾਂ ਦੇ ਟਾਇਰ ਪੈਂਦੇ ਹਨ ਤਾਂ ਅਕਸਰ ਵਾਹਨ ਡਰਾਇਵਰ ਦੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ, ਜਿਸ ਕਾਰਨ ਹਾਦਸੇ ਵਾਪਰਨ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਸੜਕ ’ਤੇ ਪਏ ਖੱਡਿਆਂ ਕਾਰਨ ਵਾਹਨਾਂ ਵਿੱਚ ਬੈਠੇ ਲੋਕਾਂ ਦਾ ਵੀ ਬਹੁਤ ਬੁਰਾ ਹਾਲ ਹੋ ਜਾਂਦਾ ਹੈ। ਖਾਸ ਕਰਕੇ ਮਹਿਲਾਵਾਂ ਅਤੇ ਬਜ਼ੁਰਗਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਖੱਡਿਆਂ ਕਾਰਨ ਵਾਹਨਾਂ ਵਿੱਚ ਬੈਠੇ ਲੋਕਾਂ ਨੂੰ ਜੰਪ ਲੱਗਣ ਕਾਰਨ ਅਕਸਰ ਮਹਿਲਾਵਾਂ ਨੂੰ ਉਲਟੀਆਂ ਲੱਗ ਜਾਂਦੀਆਂ ਹਨ ਅਤੇ ਬਜ਼ੁਰਗਾਂ ਦੇ ਸਰੀਰ ਦੀਆਂ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ। ਜਿਸ ਕਾਰਨ ਉਹਨਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਇਸ ਸੜਕ ’ਤੇ ਮਿੱਟੀ-ਧੂੜ ਵੀ ਬਹੁਤ ਉੱਡਦੀ ਹੈ, ਜਿਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਦੇ ਕੱਪੜੇ ਧੂੜ ਮਿੱਟੀ ਨਾਲ ਭਰ ਜਾਂਦੇ ਹਨ। ਸੜਕ ’ਤੇ ਪਏ ਵੱਡੇ ਵੱਡੇ ਖੱਡਿਆਂ ਕਾਰਨ ਅਕਸਰ ਦੋ ਪਹੀਆ ਵਾਹਨ ਚਾਲਕ ਡਿੱਗ ਕੇ ਸੱਟਾਂ ਖਾ ਚੁੱਕੇ ਹਨ। ਬਰਸਾਤਾਂ ਵਿੱਚ ਇਸ ਸੜਕ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ। ਬਰਸਾਤ ਦਾ ਪਾਣੀ ਖੱਡਿਆਂ ਵਿੱਚ ਭਰ ਜਾਣ ਕਾਰਨ ਖੱਡੇ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਜਦੋਂ ਵਾਹਨਾਂ ਦੇ ਟਾਇਰ ਇੱਕਦਮ ਖੱਡਿਆਂ ਵਿੱਚ ਜਾ ਪੈਂਦੇ ਹਨ ਤਾਂ ਅਕਸਰ ਵਾਹਨ ਚਾਲਕ ਦੇ ਕੰਟਰੋਲ ਤੋਂ ਬਾਹਰ ਹੋਣ ਕਰਕੇ ਹਾਦਸੇ ਵਾਪਰਨ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਸੜਕ ਦਾ ਸਿਰਫ ਪੰਜਾਬ ਵਾਲਾ ਹਿੱਸਾ ਹੀ ਖਰਾਬ ਹੈ, ਜਦੋਂਕਿ ਇਸ ਸੜਕ ਦਾ ਹਰਿਆਣਾ ਵਾਲਾ ਹਿੱਸਾ ਠੀਕ ਹਾਲਤ ਵਿੱਚ ਹੈ। ਉਹਨਾਂ ਕਿਹਾ ਕਿ ਇਸ ਸੜਕ ’ਤੇ ਸਫਰ ਕਰਨ ਵਾਲਿਆਂ ਨੂੰ ਸਮਝ ਨਹੀਂ ਪੈਂਦੀ ਕਿ ਪੰਜਾਬ ਸਰਕਾਰ ਇਸ ਮੁੱਖ ਸੜਕ ਦੀ ਹਾਲਤ ਵਿੱਚ ਸੁਧਾਰ ਲਈ ਕੋਈ ਉਪਰਾਲਾ ਕਿਉਂ ਨਹੀਂ ਕਰਦੀ। ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦਾ ਸਰਬਪੱਖੀ ਵਿਕਾਸ ਕਰਨ ਦੇ ਦਾਅਵੇ ਕਰਦੀ ਹੈ ਪਰ ਇਸ ਸੜਕ ਦੀ ਮਾੜੀ ਹਾਲਤ Çੲਸ ਵਿਕਾਸ ਦੀ ਪੋਲ ਖੋਲ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਵੱਡੀ ਗਿਣਤੀ ਵਸਨੀਕ ਵਿਦੇਸ਼ਾਂ ਵਿੱਚ ਰਹਿੰਦੇ ਹਨ, ਜਿਹਨਾਂ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਆਉਣ ਤੇ ਛੱਡ ਕੇ ਆਉਣ ਲਈ ਪੰਜਾਬ ਦੇ ਵੱਡੀ ਗਿਣਤੀ ਵਸਨੀਕਾਂ ਨੂੰ ਦਿੱਲੀ ਜਾਣ ਲਈ ਇਸ ਸੜਕ ਦੀ ਵਰਤੋ ਕਰਨੀ ਪੈਂਦੀ ਹੈ ਕਿਉਂਕਿ ਦਿੱਲੀ ਜਾਣ ਵਾਲਾ ਸ਼ੰਭੂ ਬੈਰੀਅਰ ਵਾਲਾ ਰਸਤਾ ਬੰਦ ਹੈ।
ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਟਿਆਲਾ ਤੋਂ ਪਿਹੋਵਾ ਜਾਂਦੀ ਸੜਕ ਦੀ ਹਾਲਤ ਵਿੱਚ ਤੁਰੰਤ ਸੁਧਾਰ ਲਿਆਂਦਾ ਜਾਵੇ, ਇਸ ਸੜਕ ’ਤੇ ਪਏ ਖੱਡਿਆਂ ਨੂੰ ਠੀਕ ਕੀਤਾ ਜਾਵੇ ਅਤੇ ਇਹ ਸੜਕ ਨਵੀਂ ਬਣਾਈ ਜਾਵੇ।